ਐ ਰੱਬਾ !
ਹੁਣ ਤੂੰ ਬੁੱਢਾ ਹੋ ਗਿਆ ਹੈ
ਤੇ ਕਿਸੇ ਡੂੰਘੇ ਸਮੁੰਦਰ ਅੰਦਰ ਟਾਪੂ ਬਣਾਕੇ ਬੈਠੇ ਜਾ
ਹੁਣ ਤੂੰ ਦੁਨੀਆਂ ਦਾ ਸਰੀਰਕ ਦੌਰਾ ਨਹੀਂ ਕਰ ਸਕਦਾ
ਕਿਉਂਕਿ….
ਝੱਲ ਨਹੀਂ ਸਕਦੀਆਂ ਤੇਰੀਆਂ ਕਮਜ਼ੋਰ ਲੱਤਾਂ ਤੇਰੇ ਧੜ ਦੇ ਭਾਰ ਨੂੰ
ਕਿਉਂਕਿ…
ਤੇਰੀ ਛਾਤੀ ਤੇ ਪਾਲੇ ਪਾਪੀਆਂ ਦਾ ਭਾਰ ਜਿਆਦਾ ਹੈ
ਜੋ ਮਾਰ ਰਹੇ ਹਨ ਤੇਰੀ ਹੀ ਸੰਤਾਨ ਨੂੰ
ਤੇਰਾ ਹੀ ਨਾਂ ਲੈ ਕੇ…ਓਏ..
ਅਗਰਬੱਤੀਆਂ ਦੀ ਖੁਸ਼ਬੂ ਵਿੱਚ ਰਹਿਣ ਵਾਲਿਆਂ
ਪਰਬਤਾਂ ਉੱਤੇ ਡੇਰਾ ਲਾਉਣ ਵਲਿਆਂ
ਧਰਤੀ ਉੱਤੇ ਵਹਿੰਦੇ ਖੂਨ ਦੀ ਸੜਿਆਂਦ ਨੂੰ ਕਿਉਂ ਨਹੀਂ ਸੁੰਘਿਆ
ਤੂੰ ਚੱਲ ਕੇ ਕਿਸੇ ਸੱਥਰ ਉੱਤੇ ਦੋ ਹੰਝੂ ਵੀ ਨਾ ਕੇਰੇ
ਓ…ਲੋਕਾਂ ਦੀ ਪੀੜ ਹਰਨ ਵਾਲਿਆਂ
ਲੋਕਤੰਤਰ ਵਿੱਚ ਰਾਏ ਹੈ ਕਿ ਤੂੰ ਰਟਾਇਰ ਹੋ ਹਾ
ਵਾਹ...ਉਏ...
ਸਭ ਨੂੰ ਬਰਾਬਰ ਦੇਖਣ ਵਾਲਿਆਂ
ਤੇਰੀਆ ਅੱਖਾਂ ਦੇ ਰੋਸ਼ਨੀ ਮੱਧਮ ਹੋ ਗਈ ਹੈ
ਤੂੰ ਧਰਤੀ ਤੇ ਹੁੰਦੇ ਕਤਲਾਂ ਨੂੰ ਨਹੀਂ ਦੇਖ ਸਕਦਾ
ਅਫਸਰਸ਼ਾਹੀ ਅਤੇ ਧੱਕੇ ਦਾ ਜਨੂੰਨ ਤੇਰੀ ਨਿਗਾਹ ਤੋਂ ਦੂਰ …..
ਮੱਲਾਂ ਮਾਰ ਰਿਹਾ ਹੈ
ਕਮਜ਼ੋਰਾਂ ਨੂੰ ਤਾੜ ਰਿਹਾ ਹੈ
ਮਜ਼ਲੂਮਾਂ ਨੂੰ ਤੜਫਾ ਰਿਹਾ ਹੈ
ਬੇਕਸੂਰ ਲੜਕੀਆਂ ਨੂੰ ਕੁੱਖ ਵਿੱਚ ਮਾਰ ਰਿਹਾ ਹੈ
ਅੱਖਾਂ ਦੀ ਘੱਟ ਰੋਸ਼ਨੀ ਕਾਰਣ
ਤੂੰ ਪੜ੍ਹ ਨਹੀਂ ਸਕਿਆ
ਅਖਬਾਰਾਂ ਦੀਆਂ ਲਹੂ ਭਿੱਜੀਆਂ ਸੁਰਖੀਆਂ
ਇਸ ਲਈ ਤੂੰ ਰਟਾਇਰ ਹੋ ਜਾ ਰੱਬਾਂ….
ਦੂਨੀਆਂ ਦਾ ਸ਼ਾਸਨ ਚਲਾਉਣਾ ਹੁਣ ਤੇਰੇ ਬਸ ਦਾ ਰੋਗ ਨਹੀਂ ਰਿਹਾ
ਬੱਲੇ ਉਏ ਰੱਬਾਂ ………………..
ਸਰਬ ਸਾਂਝੀਆਂ ਅਤੇ ਸਭ ਦੀਆਂ ਦੁਆਵਾਂ ਸੁਣਨ ਵਾਲਿਆਂ
ਹੁਣ ਤੂੰ ਕੰਨਾਂ ਤੋਂ ਬੋਲਾ ਹੋ ਗਿਆ ਹੈ
ਕਿਉਂਕਿ…..
ਤੈਨੂੰ ਚੀਨ ਦੀ ਬਣੀ ਏ ਕੇ ਸੰਤਾਲੀ ਦੀਆਂ ਗੋਲੀਆਂ ਦੀ ਅਵਾਜ਼
ਤੈਨੂੰ ਸੁਣਾਈ ਨਹੀਂ ਦਿੰਦੀ
ਬਜ਼ਾਰ ਗਰੇ ਬਾਪ ਦੀ ਗੋਲੀ ਨਾਲ ਨਿਕਲੀ ਚੀਖ
ਅਤੇ ਉਸ ਚੀਖ ਵਿੱਚੋਂ ਨਿਕਲੀਆਂ ਅਣ ਗਿਣਤ ਚੀਖਾਂ
ਤੈਨੂੰ ਸੁਣਾਈ ਨਹੀਂ ਦਿੰਦੀਆਂ
ਇਸ ਲਈ ਤੂੰ ਰਟਾਇਰ ਹੋ ਜਾ ਰੱਬਾ
ਐ ਰੱਬਾ ……..
ਤੂੰ ਦੁਨੀਆਂ ਤੇ ਅੰਗਰੇਜ਼ਾਂ ਵਾਂਗ ਬੜਾ ਚਿਰ ਰਾਜ ਕੀਤੈ
ਆਪਣੀ ਹੀ ਚਲਾਈਐ
ਤੇ ਹੁਣ ਤੇਰੀ ਉਮਰ ਸਰਕਾਰੀ ਰਟਾਇਰਮੈਂਟ ਨਾਲੋਂ ਕਾਫੀ ਹੋ ਗਈ ਹੈ
ਤੂੰ ਜਲਦੀ ਰਟਾਇਰਮੈਂਟ ਲੈ ਲੈ
ਤੇ ਕਿਸੇ ਹੋਰ ਬੇਰੁਜ਼ਗਾਰ ਨੂੰ ਮੌਕਾ ਦੇ ਰੱਬ ਬਣਨ ਦਾ
ਜੋ ਬਦਲਣਾ ਚਾਹੁੰਦਾ ਹੈ ਇਸ ਘਟੀਆ ਸਮਾਜ ਨੂੰ
ਜਿਹੜਾ ਮਿਲਵਰਤਨ ਦੇ ਬੀਜ ਨੂੰ ਸਾੜ ਰਿਹੈ
ਐ ਰੱਬਾ……….
ਹੁਣ ਤੂੰ ਦੁਨੀਆਂ ਤੇ ਅਵਤਾਰ ਧਾਰ ਕੇ ਨਹੀਂ ਆ ਸਕਦਾ
ਸਮਾਜ ਨਹੀਂ ਸੰਵਾਰ ਸਕਦਾ …ਕਿਉਂਕਿ ………
ਤੂੰ ਭਗਤਾਂ ਦੇ ਨਾਲੋਂ ਟੁੱਟ ਕੇ
ਕਾਤਲਾਂ ਦੇ ਟੋਲੇ ਵਿੱਚ ਸ਼ਾਮਿਲ ਹੋ ਗਿਐ
ਤੈਂਨੂੰ ਖਰੀਦ ਲਿਐ ਪੌਂਡਾਂ ਦੇ ਵਪਾਰਿਆਂ ਨੇ
ਇਸ ਲਈ ਤੂੰ ਹੁਣ ਰਟਾਇਰ ਹੋ ਜਾ
ਸਾਨੂੰ ਤੇਰੇ ਵਰਗੇ ਫਿਰਵੇਂ ਰੱਬ ਦੀ ਲੋੜ ਨਹੀਂ
ਤੂੰ ਛੇਤੀ ਰਟਾਇਰ ਹੋ ਜਾ……
ਛੇਤੀ ਰਟਾਇਰ ਹੋ ਜਾ
ਲੇਖਕ:- ਹਰਮੇਸ਼ ਮੇਸ਼ੀ ਦਿੜਬਾ {ਸੰਗਰੂਰ}
ਮੋਬਾਇਲ:- 9872005183
No comments:
Post a Comment